ਮੁੱਖ ਮੰਤਰੀ ਵੱਲੋਂ ਰਣਜੀਤ ਸਾਗਰ ਡੈਮ ਦੇ ਆਲੇ-ਦੁਆਲੇ ਦੇ ਖੇਤਰ ਖਾਸ ਕਰਕੇ ਧਾਰ ਕਲਾਂ ਬਲਾਕ ਨੂੰ ਪ੍ਰਮੁੱਖ ਸੈਰ- ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਐਲਾਨ
1 min readਧਾਰ (ਪਠਾਨਕੋਟ), 18 ਮਈ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੇ ਆਲੇ-ਦੁਆਲੇ ਦੇ ਖੇਤਰ ਖਾਸ ਕਰਕੇ ਧਾਰ ਕਲਾਂ ਬਲਾਕ ਨੂੰ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਠੋਸ ਤੇ ਸੁਹਿਰਦ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਜੋ ਵੀਰਵਾਰ ਨੂੰ ਇਸ ਖੇਤਰ ਦੇ ਦੌਰੇ ’ਤੇ ਸਨ, ਨੇ ਕਿਹਾ ਕਿ ਇਸ ਖੇਤਰ ਨੂੰ ਵੱਡੇ ਪੱਧਰ ਦੀ ਰਮਣੀਕ ਸੈਰਗਾਹ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨਾਂ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਦੀਆਂ ਅਣਗਹਿਲੀਆਂ ਕਰ ਕੇ ਇਹ ਖੇਤਰ ਵਿਕਾਸ ਪੱਖੋਂ ਪਛੜਿਆ ਰਹਿ ਗਿਆ । ਭਗਵੰਤ ਮਾਨ ਨੇ ਕਿਹਾ ਕਿ ਖੇਤਰ ਵਿੱਚ ਸੈਰ-ਸਪਾਟੇ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ ਅਤੇ ਕੁਦਰਤੀ ਸੁੰਦਰਤਾ ਵਾਲੀ ਇਸ ਰਮਣੀਕ ਧਰਤੀ ਨੂੰ ਹੁਣ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਵਰਤਿਆ ਜਾਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਮੁੱਚੇ ਖੇਤਰ ਦੇ ਵਿਕਾਸ ਲਈ ਵਿਸਥਾਰਤ ਖਾਕਾ ਤਿਆਰ ਕਰਨ ਲਈ ਕਿਹਾ ਤਾਂ ਜੋ ਸੂਬੇ ਵਿੱਚ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਇਹ ਇਲਾਕਾ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ ਜੋ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਾਟਰ ਸਪੋਰਟਸ ਨੂੰ ਉਤਸ਼ਾਹਿਤ ਕਰਨ ਲਈ ‘ਵਾਟਰ ਐਡਵੈਂਚਰ ਟੂਰਿਜ਼ਮ ਨੀਤੀ’ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਹੈ ਜਿਸ ਨੂੰ ਇੱਥੇ ਵੀ ਲਾਗੂ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਬੁਨਿਆਦੀ ਢਾਂਚੇ ਨੂੰ ਉੱਨਤ ਕਰਨ ਤੋਂ ਬਾਅਦ ਇਹ ਖੇਤਰ ਦੇਸ਼ ਭਰ ਦੇ ਸੈਲਾਨੀਆਂ ਦਾ ਕੇਂਦਰ ਬਣ ਜਾਵੇਗਾ। ਉਨਾਂ ਕਿਹਾ ਕਿ ਇਹ ਖੇਤਰ ਪੰਜਾਬ ਨੂੰ ਅੰਤਰਰਾਸ਼ਟਰੀ ਸੈਰ ਸਪਾਟੇ ਦੇ ਨਕਸ਼ੇ ‘ਤੇ ਹੋਰ ਉਭਾਰਨ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਤੋਂ ਪਹਿਲੋਂ ਮੁੱਖ ਮੰਤਰੀ ਨੇ ਰਣਜੀਤ ਸਾਗਰ ਡੈਮ ਦਾ ਵੀ ਦੌਰਾ ਕੀਤਾ ਅਤੇ ਡੈਮ ਦੀ ਉਸਾਰੀ ਦੌਰਾਨ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨਾਂ ਸ਼ਾਹਪੁਰ ਕੰਢੀ ਬੈਰੇਜ ਪ੍ਰਾਜੈਕਟ ਵਾਲੀ ਥਾਂ ਦਾ ਨਿਰੀਖਣ ਵੀ ਕੀਤਾ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।