ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਆਫ ਫਾਇਰ ਸਰਵਿਸ ਅਤੇ ਫਾਇਰ ਸਟੇਸ਼ਨ ਲੋਕ ਅਰਪਣ
1 min readਐਸ.ਏ.ਐਸ. ਨਗਰ, 18 ਮਈ, 2023: ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕਰ ਰਹੀ ਹੈ ਤੇ ਵੱਡੀ ਗਿਣਤੀ ਵਿਕਾਸ ਪ੍ਰੋਜੈਕਟ ਲਗਾਤਾਰ ਲੋਕ ਅਰਪਿਤ ਕੀਤੇ ਜਾ ਰਹੇ ਹਨ। ਸੂਬੇ ਦੇ ਲੋਕਾਂ ਦੀ ਵੱਖੋ-ਵੱਖ ਪੱਖਾਂ ਤੋਂ ਸੁਰੱਖਿਆ ਵੀ ਯਕੀਨੀ ਬਣਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਇਥੇ ਸੈਕਟਰ 78 ਵਿਖੇ ਕਰੀਬ 04 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਆਫ ਫਾਇਰ ਸਰਵਿਸ (ਫੀਲਡ) ਅਤੇ ਫਾਇਰ ਸਟੇਸ਼ਨ ਨੂੰ ਲੋਕ ਅਰਪਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਇਸੇ ਥਾਂ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਆਫ ਫਾਇਰ ਸਰਵਿਸ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ।
ਸਮਾਗਮ ਨੂੰ ਸੰਬੋਧਨ ਕਰਦਿਆ ਡਾ. ਨਿੱਜਰ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਵਿਚ ਅਜਿਹੇ ਇੰਸਟੀਚਿਊਟ ਸਨ ਪਰ ਪੰਜਾਬ ਵਿਚ ਨਹੀਂ ਸੀ। ਇਹ ਪ੍ਰੋਜੈਕਟ ਕਰੀਬ 1.75 ਏਕੜ ਥਾਂ ਵਿੱਚ ਹੈ। ਇਸੇ ਥਾਂ ਉੱਤੇ ਦੂਜੇ ਫੇਜ਼ ਤਹਿਤ ਨਵੀਂ ਇਮਾਰਤ ਬਣਨੀ ਹੈ ਅਤੇ ਤੀਜੇ ਫੇਜ਼ ਤਹਿਤ ਲਾਲੜੂ ਵਿਖੇ 20 ਏਕੜ ਥਾਂ ਵਿੱਚ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਅਤੇ ਫਾਇਰ ਸਟੇਸ਼ਨ ਤਿਆਰ ਕੀਤਾ ਜਾਣਾ ਹੈ। ਜਿਥੇ ਕਿ ਸਪੋਰਟਸ ਸਟੇਡੀਅਮ, ਸਵਿਮਿੰਗ ਪੂਲ, ਸਟਾਫ ਲਈ ਰਿਹਾਇਸ਼ ਅਤੇ ਟ੍ਰੇਨਿੰਗ ਸਬੰਧੀ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਸਦਕਾ ਜਿੱਥੇ ਫਾਇਰ ਸਰਵਿਸਜ਼ ਸਬੰਧੀ ਉੱਚ ਪੱਧਰੀ ਟ੍ਰੇਨਿੰਗ ਦਿੱਤੀ ਜਾਇਆ ਕਰੇਗੀ, ਉਥੇ ਇਸ ਨਾਲ ਰੋਜ਼ਗਾਰ ਦੇ ਵੱਡੀ ਗਿਣਤੀ ਮੌਕੇ ਵੀ ਪੈਦਾ ਹੋਣਗੇ।
ਡਾ. ਨਿੱਜਰ ਨੇ ਦੱਸਿਆ ਕਿ ਇਹ ਇੰਸਟੀਚਿਊਟ ਅਤਿ ਅਧੁਨਿਕ ਢਾਂਚੇ, ਉੱਚ ਪੱਧਰੀ ਤੇ ਤਜ਼ਰਬੇਕਾਰ ਸਟਾਫ਼ ਅਤੇ ਕੌਮੀ ਪੱਧਰ ਦੀਆਂ ਸਿਖਲਾਈ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਸਦਕਾ ਸੂਬੇ ਵਿਚਲੀਆਂ ਫਾਇਰ ਸੇਵਾਵਾਂ ਹੋਰ ਬਿਹਤਰ ਹੋਣਗੀਆਂ ਅਤੇ ਅਣਸੁਖਾਵੀਆਂ ਘਟਨਾਵਾਂ ਦੇ ਟਾਕਰੇ ਲਈ ਸਮਰੱਥਾ ਵਿਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਫਾਇਰ ਸਰਵਿਸਜ਼ ਨਾਲ ਸਬੰਧਿਤ ਸਾਰੇ ਅਮਲੇ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਵੱਧ ਹੈ।
ਡਾ. ਨਿੱਜਰ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ (ਵੌਲਡ ਸਿਟੀ) ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਹਾਈਡਰੈਂਟ ਸਿਸਟਮ ਲਾਇਆ ਜਾ ਰਿਹਾ ਹੈ, ਜਿਸ ਨਾਲ ਭੀੜ ਭਾੜ ਵਾਲੇ ਖੇਤਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਅਜਿਹੇ ਪ੍ਰੋਜੈਕਟ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਗੂ ਕੀਤੇ ਜਾਣਗੇ। ਉਨ੍ਹਾਂ ਨੇ ਇਸ ਮੌਕੇ ਤਿਆਰ ਹੋਈ ਇਮਾਰਤ ਦੇ ਮਿਆਰ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਵੱਖ-ਵੱਖ ਥਾਵਾਂ ਤੋਂ ਫਾਇਰਮੈਨ ਆ ਕੇ ਫਾਇਰ ਡਿਊਟੀ ਸਬੰਧੀ ਟ੍ਰੇਨਿੰਗ ਲੈਣਗੇ। ਇਸ ਨਾਲ ਪੰਜਾਬ ਵਿੱਚ ਫਾਇਰ ਸੇਵਾਵਾਂ ਵਿੱਚ ਬਿਹਤਰੀ ਆਵੇਗੀ ਅਤੇ ਪੰਜਾਬ ਦੇ ਵਸਨੀਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਹੋਣਗੀਆਂ। ਉਹਨਾਂ ਨੇ ਇਸ ਮੌਕੇ ਇਮਾਰਤ ਦੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਾਉਣ ਦੇ ਵੀ ਨਿਰਦੇਸ਼ ਦਿੱਤੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਲਈ ਵੱਡਾ ਤੋਹਫਾ ਹੈ। ਮੋਹਾਲੀ ਇੱਕ ਪਲੈਨਡ ਸ਼ਹਿਰ ਹੈ ਤੇ ਇਥੇ ਹਰ ਸਹੂਲਤ ਲੋਕਾਂ ਨੂੰ ਮਿਲੀ ਹੋਈ ਹੈ, ਜਦੋਂ ਵੀ ਕਿਸੇ ਸਹੂਲਤ ਦੀ ਲੋੜ ਪੈਂਦੀ ਹੈ, ਉਹ ਦੇ ਦਿੱਤੀ ਜਾਂਦੀ ਹੈ। ਇਸ ਸੂਬਾ ਪੱਧਰੀ ਟਰੇਨਿੰਗ ਇੰਸਟੀਚਿਊਟ ਲਈ ਮੋਹਾਲੀ ਨੂੰ ਚੁਣਿਆ ਗਿਆ ਹੈ, ਇਹ ਮਾਣ ਵਾਲੀ ਗੱਲ ਹੈ।
ਹਲਕਾ ਵਿਧਾਇਕ ਨੇ ਦੱਸਿਆ ਕਿ ਜਦੋਂ ਉਹ ਮੋਹਾਲੀ ਦੇ ਮੇਅਰ ਸਨ, ਓਦੋਂ ਹੀ ਇਸ ਪ੍ਰੋਜੈਕਟ ਸਬੰਧੀ ਉਪਰਾਲੇ ਕੀਤੇ ਗਏ ਸਨ ਤੇ ਅੱਜ ਇਨ੍ਹਾਂ ਉਪਰਾਲਿਆ ਨੂੰ ਬੂਰ ਪਿਆ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ ਜਲਦੀ ਹੀ 15 ਕਰੋੜ ਰੁਪਏ ਦੀ ਲਾਗਤ ਨਾਲ ਕੈਮਰੇ ਲੱਗ ਰਹੇ ਹਨ। ਇਸ ਨਾਲ ਅਪਰਾਧ ਘਟ ਜਾਣਗੇ ਤੇ ਮੁਲਜ਼ਮ ਵੀ ਜਲਦੀ ਫੜ੍ਹ ਲਏ ਜਾਇਆ ਕਰਨਗੇ। ਸੁਰੱਖਿਆ ਪੱਖੋਂ ਚੰਡੀਗੜ੍ਹ ਤੋਂ ਵੀ ਵੱਧ ਕਾਰਗਰ ਪ੍ਰਬੰਧ ਮੋਹਾਲੀ ਵਿਖੇ ਹੋਣਗੇ।
ਹਲਕਾ ਵਿਧਾਇਕ ਨੇ ਇਸ ਮੌਕੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਮੋਹਾਲੀ ਨੂੰ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਸ਼ਾਮਿਲ ਕਰਵਾਇਆ ਜਾਵੇ, ਜਿਸ ਨਾਲ ਇਸ ਸ਼ਹਿਰ ਦਾ ਵਿਕਾਸ ਹੋਰ ਤੇਜ਼ ਹੋਵੇਗਾ । ਕੈਬਨਿਟ ਮੰਤਰੀ ਨੇ ਇਸ ਸਬੰਧੀ ਉਪਰਾਲੇ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਜਰ ਦਾ ਨਗਰ ਨਿਗਮ ਮੋਹਾਲੀ ਵਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਗਰਗ, ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ, ਕਮਿਸ਼ਨਰ ਨਗਰ ਨਿਗਮ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਐੱਸ. ਡੀ.ਐਮ. ਮੋਹਾਲੀ ਸਰਬਜੀਤ ਕੌਰ ਸਮੇਤ ਵੱਡੀ ਗਿਣਤੀ ਕੌਂਸਲਰ, ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਸ਼ਹਿਰ ਵਾਸੀ ਹਾਜ਼ਰ ਸਨ।