ਐਸ.ਏ.ਐਸ. ਨਗਰ ’ਚ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਕੰਮ ਸ਼ੁਰੂ
1 min readਐਸ.ਏ.ਐਸ.ਨਗਰ, 28 ਮਈ, 2023: ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੇ ਐਸ.ਏ.ਐਸ. ਨਗਰ ’ਚ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਪ੍ਰਣਾਲੀ ਜ਼ਿਲ੍ਹਾ ਪੁਲਿਸ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਟਰੈਫਿਕ ਨਿਯਤਾਂ ਦੀਆਂ ਉਲੰਘਣਾਵਾਂ ਜਿਵੇਂ ਕਿ ਰੈੱਡ ਲਾਈਟ ਜੰਪਿੰਗ, ਓਵਰ ਸਪੀਡਿੰਗ, ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੇਟ ਆਦਿ ਲਈ ਈ-ਚਲਾਨ ਪਲੇਟਫਾਰਮ ’ਤੇ ਮਦਦ ਕਰੇਗੀ।
ਪਹਿਲੇ ਪੜਾਅ ਵਿੱਚ ਇਹ ਸਿਸਟਮ ਸ਼ਹਿਰ ਵਿੱਚ 20 ਵੱਖ-ਵੱਖ ਜੰਕਸ਼ਨਾਂ/ਸਥਾਨਾਂ ’ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 8.50 ਕਰੋੜ ਹੈ। ਇਸ ਦੇ ਵਾਸਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਪੁੱਜੇ ਚੁੱਕੇ ਹਨ। ਇਸ ਕੰਮ ਲਈ ਤਕਨੀਕੀ ਬੋਲੀ ਖੋਲ੍ਹ ਦਿੱਤੀ ਗਈ ਹੈ। ਯੋਗ ਬੋਲੀਕਾਰ ਮੈਸਰਜ਼ ਕੇਰਲ ਸਟੇਟ ਇਲੈਕਟਰੋਨਿਕਸ ਡਿਵੈਲਪਮੈਂਟ ਕਾਰਪੋਰੇਸ਼ਨ (ਕੇਲਟਰੌਨ) ਨੇ ਅੱਜ ਇੱਥੇ ਸੈਕਟਰ 66/80 ਦੀਆਂ ਟਰੈਫਿਕ ਲਾਈਟਾਂ ’ਤੇ ਆਪਣੇ ਉਪਕਰਨਾਂ ਦਾ ਲਾਈਵ ਪ੍ਰਦਰਸ਼ਨ ਕੀਤਾ।
ਇਸ ਮੌਕੇ ਰਣਜੋਧ ਸਿੰਘ ਚੀਫ ਇੰਜੀਨੀਅਰ, ਜਸਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਐੱਚ.ਐੱਸ. ਮਾਨ, ਐਸ.ਪੀ.(ਟਰੈਫਿਕ), ਪ੍ਰਦੀਪ ਸਿੰਘ ਢਿੱਲੋਂ ਸਕੱਤਰ ਆਰ.ਟੀ.ਏ. ਮੋਹਾਲੀ, ਚਰਨਜੀਤ ਸਿੰਘ ਰੋਡ ਸੇਫਟੀ ਇੰਜੀਨੀਅਰ, ਵਿਨੇਸ਼ ਗੌਤਮ ਜੀਐਮ ਅਤੇ ਪ੍ਰਿਤਪਾਲ ਸਿੰਘ ਕੰਸਲਟੈਂਟ ਹਾਜ਼ਰ ਸਨ।
ਇਸ ਸਿਸਟਮ ਦੀ ਚੌਵੀ ਘੰਟੇ ਨਿਗਰਾਨੀ ਲਈ ਕਮਾਂਡ ਐਂਡ ਕੰਟਰੋਲ ਸੈਂਟਰ ਥਾਣਾ ਸੋਹਾਣਾ ਸੈਕਟਰ 79 ਦੀ ਇਮਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਕੰਮ ਦੀਆਂ ਵਿੱਤੀ ਬੋਲੀਆਂ ਅਗਲੇ ਹਫ਼ਤੇ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਕੰਮ ਅਲਾਟ ਹੋਣ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ।