ਪਟਿਆਲਾ-ਸਮਾਣਾ ਰੋਡ ਦੇ ਬੰਦ ਕਰਵਾਏ ਟੋਲ ਪਲਾਜ਼ਾ ਤੋਂ ਲੰਘਦੇ ਲੋਕ ਪੰਜਾਬ ਸਰਕਾਰ ਦਾ ਕਰ ਰਹੇ ਨੇ ਧੰਨਵਾਦ
1 min readਸਮਾਣਾ/ਪਟਿਆਲਾ, 1 ਜੂਨ, 2023: ਕਰੀਬ ਡੇਢ ਮਹੀਨਾ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਣਾ, ਪਾਤੜਾਂ ਤੇ ਪਟਿਆਲਾ ਦੇ ਲੋਕਾਂ ਦੀ ਸੜਕਾਂ ‘ਤੇ ਟੋਲ ਪਲਾਜ਼ੇ ਰਾਹੀਂ ਹੁੰਦੀ ਲੁੱਟ ਨੂੰ ਬੰਦ ਕਰਦਿਆਂ ਸਮਾਣਾ-ਪਟਿਆਲਾ ਸੜਕ ‘ਤੇ ਪਿੰਡ ਚੁੱਪਕੀ ਵਿਖੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਸੀ, ਜਿਸ ਦਾ ਰੋਜ਼ਾਨਾ ਲੰਘਣ ਵਾਲੇ ਲੋਕਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਪਟਿਆਲਾ-ਸਮਾਣਾ ਰੋਡ ਦੀ ਵਰਤੋਂ ਕਰਦੇ ਰਾਹਗੀਰ ਜਸਪ੍ਰੀਤ ਸਿੰਘ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦ ਮੁੱਖ ਮੰਤਰੀ ਵੱਲੋਂ ਇਸ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ ਸੀ ਤਾਂ ਮੇਰੇ ਵਰਗੇ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਸੀ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ‘ਤੇ ਜਿਥੇ ਆਰਥਿਕ ਨੁਕਸਾਨ ਹੁੰਦਾ ਸੀ, ਉਥੇ ਹੀ ਲੰਮੀਆਂ ਲਾਈਨਾਂ ਲੱਗਣ ਕਾਰਨ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ।
ਇਸ ਸਬੰਧੀ ਗੱਲ ਕਰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ-ਸਮਾਣਾ ਟੋਲ ਪਲਾਜ਼ਾ ਬੰਦ ਹੋਣ ਨਾਲ ਆਮ ਲੋਕਾਂ ਦਾ ਰੋਜ਼ਾਨਾ 3.80 ਲੱਖ ਰੁਪਏ ਦੀ ਬੱਚਤ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ੇ ਦੇ ਬੰਦ ਹੋਣ ਨਾਲ ਇਕੱਲੇ ਸਮਾਣਾ ਹਲਕੇ ਜਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਹੀ ਨਹੀਂ ਬਲਕਿ ਪੰਜਾਬ ਸਮੇਤ ਹਰਿਆਣਾ ਤੇ ਹੋਰਨਾਂ ਰਾਜਾਂ ਦੇ ਰਾਹਗੀਰਾਂ ਨੂੰ ਵੀ ਲਾਭ ਪੁੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਲਏ ਲੋਕ ਹਿਤ ਫੈਸਲਿਆਂ ਦੀ ਸੂਬਾ ਵਾਸੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਜਿਹੇ ਟੋਲ ਪਲਾਜ਼ਿਆਂ ਨੂੰ ਪੱਕੇ ਤੌਰ ‘ਤੇ ਬੰਦ ਕਰਵਾਉਣਾ ਇਕ ਇਤਿਹਾਸਕ ਕਦਮ ਹੈ, ਜਿਸ ਦੀ ਚੁਫੇਰਿਓ ਪ੍ਰਸੰਸਾ ਹੋ ਰਹੀ ਹੈ।