ਮਾਨ ਵੱਲੋਂ ਸੜਕ ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ‘ਸੜਕ ਸੁਰੱਖਿਆ ਫੋਰਸ’ ਦੇ ਗਠਨ ਦਾ ਐਲਾਨ
1 min readਅਮਰਗੜ੍ਹ (ਮਾਲੇਰਕੋਟਲਾ), 9 ਜੂਨ, 2023: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਜਾਨਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸੜਕਾਂ ਉਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਮਰਪਿਤ ‘ਸੜਕ ਸੁਰੱਖਿਆ ਫੋਰਸ’ ਦੇ ਗਠਨ ਦਾ ਐਲਾਨ ਕੀਤਾ ਹੈ।
ਇੱਥੇ ਅੱਜ ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ ਤਕਰੀਬਨ 14 ਕੀਮਤੀ ਜਾਨਾਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕਾਂ ਉਤੇ ਜਾਂਦੀਆਂ ਇਹ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਜਿਸ ਲਈ ਪੰਜਾਬ ਪੁਲਿਸ ਵਿੱਚ ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਥਾਣਿਆਂ ਵਿੱਚ ਤਾਇਨਾਤ ਸਿਪਾਹੀਆਂ ਦੇ ਕੰਮ ਦਾ ਬੋਝ ਘਟਾਉਣ ਲਈ ਇਸ ਫੋਰਸ ਨੂੰ ਗਲਤ ਡਰਾਈਵਿੰਗ ਰੋਕਣ, ਸੜਕਾਂ ਉਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਕਰਨ ਅਤੇ ਹੋਰ ਕੰਮ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅਤਿ-ਆਧੁਨਿਕ ਕੇਂਦਰ ਨਵੀਂ ਤਕਨਾਲੋਜੀ ਨਾਲ ਲੈਸ ਹਨ ਅਤੇ ਇਸ ਕੇਂਦਰ ਨਾਲ ਹੈਵੀ ਲਾਇਸੈਂਸ ਹਾਸਲ ਕਰਨ ਦੇ ਚਾਹਵਾਨਾਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸੇ ਤੇ ਊਰਜਾ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਦੂਜੇ ਮੁਲਕ ਸੜਕਾਂ ਉਤੇ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਵੱਡੇ ਪੱਧਰ ਉਤੇ ਜ਼ੋਰ ਦਿੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਿਸੇ ਨਾਗਰਿਕ ਨੂੰ ਲਾਇਸੈਂਸ ਲੈਣ ਲਈ ਲਿਖਤੀ ਦੇ ਪ੍ਰੈਕਟੀਕਲ ਦੋਵੇਂ ਤਰ੍ਹਾਂ ਦੀ ਪ੍ਰੀਖਿਆ ਦੇਣੀ ਪੈਂਦੀ ਹੈ।
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਵਿਦੇਸ਼ਾਂ ਵਾਂਗ ਇਹ ਕੇਂਦਰ ਡਰਾਈਵਰਾਂ ਨੂੰ ਸੜਕਾਂ ਉਤੇ ਆਪਣੇ ਵਾਹਨਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ। ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਅਨੁਸ਼ਾਸਨ, ਧੀਰਜ ਅਤੇ ਨਿਯਮਾਂ ਦੀ ਪਾਲਣ ਵਰਗੇ ਮੂਲ ਸੰਕਲਪ ਅਪਨਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸੜਕਾਂ ਉਤੇ ਹਰੇਕ ਵਿਅਕਤੀ ਨੂੰ ਸਮਾਜ ਦੇ ਵਡੇਰੇ ਹਿੱਤ ਵਿੱਚ ਅਨੁਸ਼ਾਸਨ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸੜਕਾਂ ਉਤੇ ਵਾਪਰਦੇ ਹਾਦਸਿਆਂ ਨੂੰ ਘਟਾਉਣ ਲਈ ‘ਬਲਾਇੰਡ ਸਪਾਟ’ (ਵੱਧ ਹਾਦਸੇ ਵਾਪਰਨ ਵਾਲੀਆਂ ਥਾਵਾਂ) ਨੂੰ ਦਰੁਸਤ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸਾਡੀ ਸਰਕਾਰ ਦੀ ਸਭ ਤੋਂ ਮੁੱਖ ਤਰਜੀਹ ਲੋਕਾਂ ਅਤੇ ਸੂਬੇ ਦੀ ਸੇਵਾ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਸਿਆਸਤ ਵਿੱਚ ਨੈਤਿਕਤਾ ਦੇ ਹਮਾਇਤੀ ਹਨ ਅਤੇ ਲੋਕਾਂ ਦਾ ਇਕ ਵੀ ਪੈਸਾ ਲੈਣਾ, ਉਨ੍ਹਾਂ ਲਈ ਜ਼ਹਿਰ ਖਾਣ ਦੇ ਬਰਾਬਰ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਮਾਨਦਾਰੀ, ਪਾਰਦਰਸ਼ੀ ਅਤੇ ਸੰਵੇਦਨਸ਼ੀਲ ਹੈ।
ਸਿਆਸੀ ਪਾਰਟੀਆਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾੜੇ ਕੰਮਾਂ ਕਾਰਨ ਲੋਕਾਂ ਨੇ ਹੁਣ ਇਨ੍ਹਾਂ ਨੂੰ ਜੱਫੀਆਂ ਪਾਉਣੀਆਂ ਬੰਦ ਕਰ ਦਿੱਤੀਆਂ ਹਨ। ਇਸ ਲਈ ਹੁਣ ਉਹ ਆਪਣੇ ਵਿਚਾਰਧਾਰਕ ਬੰਧੇਜਾਂ ਨੂੰ ਤਿਆਗ ਕੇ ਆਪਸ ਵਿੱਚ ਗਲਵੱਕੜੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸ਼ਰਮ ਲੋਕਾਂ ਨੇ ਸੂਬੇ ਦੇ ਅਸਾਸਿਆਂ ਨੂੰ ਬੇਰਹਿਮੀ ਨਾਲ ਲੁੱਟਿਆ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੇ ਪਾਪਾਂ ਲਈ ਜਵਾਬਦੇਹ ਬਣਾਇਆ ਜਾਵੇਗਾ ਅਤੇ ਲੋਕਾਂ ਦਾ ਲੁੱਟਿਆ ਇਕ-ਇਕ ਪੈਸਾ ਵਾਪਸ ਕਰਵਾਇਆ ਜਾਵੇਗਾ।
ਪਿਛਲੀਆਂ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਭ੍ਰਿਸ਼ਟ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸਤਦਾਨਾਂ ਨੇ ਸਰਕਾਰੀ ਸੰਸਥਾਵਾਂ ਦਾ ਘਾਣ ਕਰ ਕੇ ਸਿਹਤ, ਸਿੱਖਿਆ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਅਜ਼ਾਰੇਦਾਰੀ ਕਾਇਮ ਕਰ ਲਈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਇੰਨੇ ਲਾਲਚੀ ਸਨ ਕਿ ਇਨ੍ਹਾਂ ਵੱਧ ਭੀੜ ਖਿੱਚਣ ਵਾਲੀਆਂ ਰੇਹੜੀਆਂ ਤੇ ਫੜ੍ਹੀ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਇਨ੍ਹਾਂ ਵਿੱਚ ਵੀ ਹਿੱਸੇਦਾਰੀ ਪਾਉਣ ਦੀ ਕੋਸ਼ਿਸ਼ ਕੀਤੀ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਸਾਡੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਸੂਬੇ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਸਬੰਧ ਪੰਜਾਬ ਨਾਲ ਹੈ ਅਤੇ ਕਿਸੇ ਵੀ ਸੂਬੇ ਨੂੰ ਇਸ ਦੇ ਮੂਲ ਢਾਂਚੇ ਵਿੱਚ ਤਬਦੀਲੀ ਕਰ ਕੇ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਇਸ ਯੂਨੀਵਰਸਿਟੀ ਦਾ ਦਰਜਾ ਬਦਲ ਕੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਲਈ ਐਨ.ਓ.ਸੀ. ਦਿੱਤੀ ਸੀ, ਜਦੋਂ ਕਿ ਸਾਡੀ ਸਰਕਾਰ ਅਜਿਹੇ ਕਿਸੇ ਵੀ ਪੰਜਾਬ ਵਿਰੋਧੀ ਫੈਸਲੇ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਕਾਸ਼ਤ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਕੋਲ ਪਹਿਲਾਂ ਹੀ 52 ਦਿਨਾਂ ਦਾ ਕੋਲੇ ਦਾ ਭੰਡਾਰ ਹੈ, ਇਸ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਾਵਰ ਪਲਾਂਟ ਨੂੰ ਖਰੀਦਣ ਲਈ ਬੋਲੀ ਲਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਅਤੇ ਪਹਿਲੀ ਵਾਰ ਹੈ ਸੂਬਾ ਸਰਕਾਰ ਪ੍ਰਾਈਵੇਟ ਪਲਾਂਟ ਖ਼ਰੀਦੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਕੋਲ ਕੋਲੇ ਦੀ ਕਾਫ਼ੀ ਸਪਲਾਈ ਹੈ ਜਿਸ ਰਾਹੀਂ ਇਸ ਪਲਾਂਟ ਨੂੰ ਕਾਰਗਰ ਢੰਗ ਨਾਲ ਚਲਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਸੂਬੇ ਵਿੱਚ ਤਿੰਨ ਵਿਭਾਗਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿਰਫ਼ 30 ਫ਼ੀਸਦੀ ਨਹਿਰੀ ਪਾਣੀ ਹੀ ਸਿੰਜਾਈ ਲਈ ਵਰਤਿਆ ਜਾ ਰਿਹਾ ਹੈ ਪਰ ਇਸ ਫ਼ੈਸਲੇ ਨਾਲ ਅਗਲੇ ਸਾਲ ਤੱਕ 70 ਫ਼ੀਸਦੀ ਨਹਿਰੀ ਪਾਣੀ ਸਿੰਜਾਈ ਲਈ ਵਰਤਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਧਰਤੀ ਹੇਠਲੇ ਘਟ ਰਹੇ ਪਾਣੀ ਨੂੰ ਰੋਕਣ ਵਿੱਚ ਮਦਦ ਮਿਲੇਗੀ।
‘ਸਰਕਾਰ ਤੁਹਾਡੇ ਦੁਆਰ’ ਦੀ ਅਹਿਮੀਅਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਉਨ੍ਹਾਂ ਦੀ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇਸ ਵਰਗਾ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਕੋਈ ਵੀ ਹੋਰ ਰਾਜ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਕੇ ਹੱਲ ਕਰਨ ਲਈ ਇੰਨਾ ਸਮਾਂ ਦੇਣ ਦੀ ਖੇਚਲ ਨਹੀਂ ਕਰਦੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਂਦਾ ਹੈ, ਉਥੇ ਇਸ ਨਾਲ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਗੁਜ਼ਾਰੀ ਵੀ ਪਰਖੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ-ਪੱਖੀ ਪਹਿਲਕਦਮੀ ਯਕੀਨੀ ਬਣਾਉਂਦੀ ਹੈ ਕਿ ਕੈਬਨਿਟ ਮੰਤਰੀ ਅਤੇ ਅਧਿਕਾਰੀ ਖ਼ਾਸਕਰ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਧ ਤੋਂ ਵੱਧ ਖੇਤਰੀ ਦੌਰੇ ਖ਼ਾਸ ਕਰਕੇ ਪਿੰਡਾਂ ਦੇ ਦੌਰੇ ਕਰਨ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਆਸਾਨੀ ਨਾਲ ਕਰਵਾਉਣ ਸਣੇ ਉਨ੍ਹਾਂ ਲਈ ਵਧੀਆ ਪ੍ਰਸ਼ਾਸਨ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਦਫ਼ਤਰਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਅਮਰਗੜ੍ਹ ਵਿੱਚ 45 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬਾਈਪਾਸ ਬਣਾਉਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਹੋਰ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।