ਮੋਹਾਲੀ ਪ੍ਰੈੱਸ ਕਲੱਬ ਬਨਾਉਣ ਲਈ ਕੀਤੇ ਜਾਣਗੇ ਠੋਸ ਉਪਰਾਲੇ: ਚੇਤਨ ਸਿੰਘ ਜੌੜਾਮਾਜਰਾ
ਮੋਹਾਲੀ, 27 ਜੂਨ, 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੁੰਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਅਤੇ ਵੱਡੀ ਹੋ ਜਾਂਦੀ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਦੀ 25 ਵੀਂ ਵਰ੍ਹੇਗੰਢ ਤੇ ਨਵੀਂ ਕਾਰਜਕਾਰਨੀ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸੂਚਨਾ ਤੇ ਲੋਕ ਸੰਪਰਕ, ਬਾਗ਼ਬਾਨੀ, ਸੁਤੰਤਰਤਾ ਸੰਗਰਾਮੀਏ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਐਲਾਨ ਮੁਤਾਬਕ ਹਰ ਜ਼ਿਲ੍ਹੇ ਵਿੱਚ ਮੀਡੀਆ ਕਲੱਬ ਬਣਾਏ ਜਾਣਗੇ। ਇਸੇ ਲੜੀ ਤਹਿਤ ਮੋਹਾਲੀ ਪ੍ਰੈੱਸ ਕਲੱਬ ਬਨਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਜਿੰਨੇ ਵੀ ਫੰਡਾਂ ਦੀ ਲੋੜ ਪਵੇਗੀ, ਉਹ ਦਿੱਤੇ ਜਾਣਗੇ। ਉਨਾਂ ਕਿਹਾ ਕਿ ਜਦੋਂ ਪ੍ਰੈੱਸ ਕਲੱਬ ਲਈ ਜਗ੍ਹਾ ਦਾ ਪ੍ਰਬੰਧ ਹੋ ਜਾਵੇਗਾ ਤਾਂ ਉਹ ਅਗਲੇ ਕਾਰਜਾਂ ਵਿੱਚ ਯੋਗਦਾਨ ਵਜੋਂ 03 ਲੱਖ ਰੁਪਏ ਦੀ ਗ੍ਰਾਂਟ ਵੀ ਦੇਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕਲੱਬ ਦਾ ਅਗਲਾ ਪ੍ਰੋਗਰਾਮ ਪ੍ਰੈੱਸ ਕਲੱਬ ਦੀ ਇਮਾਰਤ ਵਿੱਚ ਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੀਡੀਆ ਸਮਾਜ ਦਾ ਮੁੱਖ ਅੰਗ ਹੈ। ਸਮਾਜ ਵਿਚ ਜੋ ਵੀ ਵਾਪਰਦਾ ਹੈ, ਉਸ ਨੂੰ ਮੀਡੀਆ ਹੀ ਲੋਕਾਂ ਅੱਗੇ ਰੱਖਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਸਦਾ ਲੋਕਾਂ ਦੀ ਗੱਲ ਕਰੇ ਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਦੀਆਂ ਸੂਚਨਾਵਾਂ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਪਾਉਣ ਤੋਂ ਪਹਿਲਾਂ ਉਸ ਨੂੰ ਵੈਰੀਫਾਈ ਕਰਨਾ ਸਭ ਤੋਂ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਉੱਤੇ ਚਾੜ੍ਹਨ ਅਤੇ ਰੰਗਲਾ ਬਣਾਉਣ ਲਈ ਅਣਥੱਕ ਮਿਹਨਤ ਕਰ ਹਨ, ਇਸ ਲਈ ਸਰਕਾਰ ਵੱਲੋਂ ਲਏ ਜਾਂਦੇ ਲੋਕ ਹਿੱਤੂ ਅਤੇ ਨਿਵੇਕਲੇ ਫੈਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਚ ਮੀਡੀਆ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ 80 ਫ਼ੀਸਦੀ ਵਿਧਾਇਕ ਗੈਰ ਸਿਆਸੀ ਅਤੇ ਆਮ ਪਰਿਵਾਰਾਂ ਵਿਚੋਂ ਆਏ ਹਨ, ਜਿਨ੍ਹਾਂ ਵਿੱਚ ਵਿੱਚ ਲੋਕਾਂ ਲਈ ਕੁੱਝ ਵੱਖਰਾ ਤੇ ਨਿਵੇਕਲਾ ਕਰਨ ਦਾ ਜਜ਼ਬਾ ਬਹੁਤ ਜ਼ਿਆਦਾ ਹੈ। ਇਸ ਲਈ ਸਾਨੂੰ ਇਨ੍ਹਾਂ ਜਨਤਕ ਪ੍ਰਤੀਨਿਧਾਂ ਵੱਲੋਂ ਆਪਣੇ ਆਪਣੇ ਹਲਕੇ ਵਿੱਚ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਮੁੱਖ ਮੰਤਰੀ ਵੱਲੋਂ ਫ਼ਸਲਾਂ ਨੂੰ ਨਹਿਰੀ ਪਾਣੀ ਲਗਣਾ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਈ ਦਹਾਕਿਆਂ ਤੋਂ ਬਾਅਦ, ਪਹਿਲੀ ਵਾਰ ਟੇਲਾਂ ਤੱਕ ਪਾਣੀ ਪੁੱਜਿਆ ਹੈ ਤੇ ਪਾਣੀ ਲਾਉਣ ਲਈ ਸੂਬੇ ਚ ਮੋਟਰਾਂ ਲਈ ਬਿਜਲੀ ਦੀ ਵੀ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਸੱਚੀ ਹੋਵੇ ਤਾਂ ਪ੍ਰਮਾਤਮਾ ਸਦਾ ਸਾਥ ਦਿੰਦਾ ਹੈ ਤੇ ਇਮਾਨਦਾਰੀ ਨਾਲ ਕੀਤਾ ਕੰਮ ਸਦਾ ਸਿਰੇ ਚੜ੍ਹਦਾ ਹੈ।
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਬਾਰੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕੋ ਇਕ ਮਨਸ਼ਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਹਰ ਘਰ ਪੁੱਜੇ ਅਤੇ ਪ੍ਰਸਾਰਣ ਫ੍ਰੀ ਟੂ ਏਅਰ ਹੋਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੁੱਝ ਥਾਵਾਂ ‘ਤੇ ਜ਼ਿਲ੍ਹਾ ਅਤੇ ਹੇਠਲੇ ਪੱਧਰ ਉੱਤੇ ਮੀਡੀਆ ਕਰਮੀਆਂ ਦੇ ਵੱਖੋ ਵੱਖ ਗਰੁੱਪ ਬਣੇ ਹੋਣ ਕਾਰਨ ਸਰਕਾਰ ਨੂੰ ਪ੍ਰੈੱਸ ਕਲੱਬ ਦੀ ਸਥਾਪਤੀ ਵਿੱਚ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਨੂੰ ਅਜਿਹੀਆਂ ਮੁਸ਼ਕਿਲਾਂ ਨੂੰ ਮਿਲ ਕੇ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਲਈ ਪ੍ਰੈੱਸ ਕਲੱਬ ਸਥਾਪਿਤ ਕਰਨ ਵਿੱਚ ਅਜਿਹੀਆਂ ਗੱਲਾਂ ਰੁਕਾਵਟ ਨਾ ਬਣਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪ੍ਰੈੱਸ ਕਲੱਬ ਦਾ ਸੋਵੀਨਰ ਵੀ ਜਾਰੀ ਕੀਤਾ ਗਿਆ ਤੇ ਕਲੱਬ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫ਼ੈਡ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਬਣਨ ਬਾਅਦ ਖੁਸ਼ੀਆਂ ਦਾ ਦੌਰ ਸ਼ੁਰੂ ਹੋਇਆ ਹੈ। ਮੋਹਾਲੀ ਦੀ ਪ੍ਰੈੱਸ ਨੇ ਹਮੇਸ਼ਾਂ ਹੀ ਵੱਡਾ ਰੋਲ ਨਿਭਾਇਆ ਹੈ। ਚਾਹੇ ਉਹ ਸਰਕਾਰ ਦਾ ਹੋਵੇ ਜਾਂ ਵਿਰੋਧੀ ਧਿਰ, ਹਰ ਪੱਖ ਤੋਂ ਮੋਹਾਲੀ ਦੀ ਪ੍ਰੈੱਸ ਵਲੋਂ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੋਹਾਲੀ ਦੀ ਪ੍ਰੈੱਸ ਦੀਆਂ ਦਿੱਕਤਾਂ ਦੂਰ ਕਰਦੇ ਹੋਏ ਸਾਰੀਆਂ ਮੰਗਾਂ ਦੀ ਪੂਰਤੀ ਲਈ ਕੰਮ ਕੀਤਾ ਜਾਵੇਗਾ।
ਪ੍ਰੈਸ ਕਲੱਬ ਦੇ ਮੈਂਬਰ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਨ੍ਹਾਂ ਨੇ ਕਲੱਬ ਦੀ ਬਿਹਤਰੀ ਲਈ ਸਦਾ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨੂੰ ਰਲ ਮਿਲ ਕੇ ਮੋਹਾਲੀ ਦੇ ਪ੍ਰੈੱਸ ਕਲੱਬ ਦੀ ਬੇਹਤਰੀ ਲਈ ਹਰ ਕਦਮ ਚੁੱਕਿਆ ਜਾਵੇਗਾ। ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਭਨਾ ਦਾ ਧੰਨਵਾਦ ਕੀਤਾ ਜਦਕਿ ਸਮੁੱਚੇ ਸਮਾਰੋਹ ਦਾ ਮੰਚ ਸੰਚਾਲਨ ਸੁਸ਼ੀਲ ਗਰਚਾ ਨੇ ਬਾਖੂਬੀ ਨਿਭਾਈ। ਇਸੇ ਦੌਰਾਨ ਲੋਕ ਗਾਇਕ ਬਲਦੇਵ ਕਾਕੜੀ , ਹਰਿੰਦਰ ਹਰ, ਗੁਰਪਾਲ ਸਿੰਘ,ਮਿਸ ਸੁਲਤਾਨਾ ਆਪੋ ਆਪਣੇ ਫਨ ਦਾ ਮੁਜਾਹਰਾ ਕੀਤਾ।
ਇਸ ਮੌਕੇ ਐਮ.ਸੀ. ਸਰਬਜੀਤ ਸਿੰਘ ਸਮਾਣਾ, ਸਮਾਜ ਸੇਵਕਾ ਜਗਜੀਤ ਕੌਰ ਕਾਹਲੋਂ, ਨਰਿੰਦਰ ਸਿੰਘ ਸ਼ੇਰਗਿੱਲ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਟੀਮ ਜਿਨ੍ਹਾਂ ਵਿਚ ਗੁਰਮੀਤ ਸਿੰਘ ਸ਼ਾਹੀ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਜਨਰਲ ਸਕੱਤਰ, ਮਨਜੀਤ ਸਿੰਘ ਚਾਨਾ ਸੀ. ਮੀਤ ਪ੍ਰਧਾਨ, ਸੁਸ਼ੀਲ ਗਰਚਾ ਅਤੇ ਵਿਜੇ ਕੁਮਾਰ ਮੀਤ ਪ੍ਰਧਾਨ, ਰਾਜੀਵ ਤਨੇਜਾ ਕੈਸ਼ੀਅਰ, ਮੈਡਮ ਨੀਲਮ ਠਾਕੁਰ ਤੇ ਮਾਇਆ ਰਾਮ ਜੁਆਇੰਟ ਸਕੱਤਰ, ਰਾਜ ਕੁਮਾਰ ਆਰਗੇਨਾਈਜ਼ਿੰਗ ਸਕੱਤਰ, ਫ਼ਤਹਿਗੜ੍ਹ ਸਾਹਿਬ ਤੋਂ ਉਚੇਚੇ ਤੌਰ ਉੱਤੇ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ, ਅਨਿਲ ਭਾਰਦਵਾਜ, ਹਰਦੇਵ ਚੌਹਾਨ,ਮਨੋਜ ਗਿਰਧਰ, ਹਰਬੰਸ ਸਿੰਘ ਬਾਗੜੀ, ਨਾਹਰ ਸਿੰਘ ਧਾਲੀਵਾਲ, ਕੁਲਦੀਪ ਗਿੱਲ, ਮੰਗਤ ਸਿੰਘ ਸੈਦਪੁਰ, ਅਮਨਦੀਪ ਸਿੰਘ ਗਿੱਲ, ਧਰਮ ਸਿੰਘ, ਹਰਿੰਦਰ ਪਾਲ ਸਿੰਘ ਹੈਰੀ, ਕ੍ਰਿ਼ਪਾਲ ਸਿੰਘ, ਸਾਗਰ ਪਾਹਵਾ, ਵਿਜੇ ਪਾਲ, ਗੁਰਜੀਤ ਸਿੰਘ, ਕੇ.ਐਸ. ਬਾਵਾ, ਬਿੰਦਰਾ, ਸੁਖਵਿੰਦਰ ਸਿੰਘ ਮਨੌਲੀ, ਐਚ.ਐਸ. ਭੱਟੀ, ਸੁਖਵਿੰਦਰ ਸ਼ਾਾਨ, ਜਸਵੀਰ ਸਿੰਘ ਗੋਸਲ, ਹਰਿੰਦਰ ਹਰ, ਨੌਨਿਹਾਲ ਸਿੰਘ ਸੋਢੀ, ਅਮਰਜੀਤ ਸਿੰਘ, ਰਾਜੀਵ ਵਸ਼ਿਸ਼ਟ, ਅਕਵਿੰਦਰ ਸਿੰਘ ਗੋਸਲ, ਕੁਲਦੀਪ ਸਿੰਘ, ਗੁਰਨਾਮ ਸਾਗਰ , ਰਣਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕੋਟਲੀ, ਨੇਹਾ ਵਰਮਾ, ਗੁਰਦੀਪ ਬੈਨੀਪਾਲ, ਤਿਲਕ ਰਾਜ, ਦਵਿੰਦਰ ਸਿੰਘ, ਵਾਸਨ ਸਿੰਘ ਗੁਰਾਇਆ ਸਮੇਤ ਅਨੇਕਾਂ ਪੱਤਰਕਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।