15 ਸਤੰਬਰ ਨੂੰ ਮਨਾਇਆ ਜਾਵੇਗਾ ਇੰਜ਼ੀਨੀਅਰ ਦਿਵਸ
ਚੰਡੀਗੜ੍ਹ, 21 ਅਗਸਤ, 2023: ਇਸ ਸਾਲ ਪੰਜਾਬ ਦੇ ਸਮੂਹ ਵਿਭਾਗਾਂ ਦੇ ਇੰਜੀਨੀਅਰਾਂ ਦੀ ਨੁਮਾਇੰਦਗੀ ਕਰਦੀ ਕੌਸਲ ਆਫ਼ ਡਿਪਲੋਮਾ ਇੰਜ਼ੀਨੀਅਰਜ਼ ਪੰਜਾਬ ਦੇ ਬੈਨਰ ਹੇਠ ਚੰਡੀਗੜ੍ਹ ਵਿੱਚ 15 ਸਤੰਬਰ, 2023, ਨੂੰ ਟੈਗੋਰ ਥੀਏਟਰ, ਸੈਕਟਰ 18 ਵਿੱਚ ਇੰਜ਼ੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।
ਅੱਜ ਕੌਂਸ਼ਲ ਆਫ਼ ਡਿਪਲੋਮਾ ਇੰਜ਼ੀਨੀਅਰਸ ਪੰਜਾਬ ਦੇ ਇੱਕ ਵਫ਼ਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਮਨਜੀਤ ਸਿੱਧੂ ਅਤੇ ਡਾ. ਐਸ.ਐਸ. ਆਹਲੂਵਾਲੀਆ ਦੇ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਐਸ.ਐਸ. ਆਹਲੂਵਾਲੀਆ ਨੂੰ ਇੰਜ਼ੀਨੀਅਰ ਦਿਵਸ ਦੇ ਮੌਕੇ ਉਤੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਉਹ ਇੰਜ਼ੀਨੀਅਰ ਦਿਵਸ ਦੇ ਮੌਕੇ ਉਤੇ ਪ੍ਰੋਗਰਾਮ ਵਿੱਚ ਜਰੂਰ ਸ਼ਾਮਿਲ ਹੋਣਗੇ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਕਿਹਾ, ‘‘ਕਿ ਪੰਜਾਬ ਦਾ ਸਮੂਹ ਇੰਜ਼ੀਨੀਅਰ ਭਾਈਚਾਰਾ ਪੰਜਾਬ ਸਰਕਾਰ ਵਲੋਂ ਵੱਖ–ਵੱਖ ਵਿਭਾਗਾਂ ਅਧੀਨ ਚੱਲ ਰਹੇ ਵਿਕਾਸ ਦੇ ਕੰਮਾਂ ਵਿੱਚ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਕੰਮ ਕਰਦਾ ਹੈ। ਪੰਜਾਬ ਦੇ ਸਮੂਹ ਇੰਜ਼ੀਨੀਅਰ ਪੰਜਾਬ ਅੰਦਰ ਆਈ ਹੋਈ ਕੋਈ ਵੀ ਆਫ਼ਤ ਕਰੋਨਾ ਅਤੇ ਹੜ੍ਹਾਂ ਦੇ ਦੌਰਾਨ ਵੀ ਘਰ੍ਹਾਂ ਵਿੱਚ ਵੜ ਕੇ ਨਹੀਂ ਬੈਠਿਆ, ਸਗੋਂ ਲੋਕਾਂ ਦੇ ਵਿੱਚ ਜਾ ਕੇ ਸੜਕਾਂ, ਨਹਿਰਾਂ, ਇਮਾਰਤਾਂ, ਪੀਣ ਵਾਲੇ ਪਾਣੀ, ਬਿਜਲੀ ਅਤੇ ਹੋਰ ਕੰਮਾਂ ਨੂੰ ਨਿਰਵਿਘਨ ਚਲਾਉਣ ਲਈ ਹਮੇਸ਼ਾਂ ਕੰਮ ਕਰਦਾ ਰਿਹਾ ਹੈ। ਸਮੂਹ ਵਿਭਾਗਾਂ ਦੇ ਇੰਜ਼ੀਨੀਅਰਾਂ ਨੇ ਪਿਛਲੇ ਸਮੇਂ ਵਿੱਚ ਪੰਜਾਬੀਆਂ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਜੋ ਕਿ ਬਹੁਤ ਹੀ ਸਲਾਘਾਯੋਗ ਹੈ।’’
ਉਨ੍ਹਾਂ ਅੱਗੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬ ਵਿੱਚ ਲੋਕਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪਿਛਲੇ ਸਮੇਂ ਵਿੱਚ ਅਲੱਗ–ਅਲੱਗ ਵਿਭਾਗਾਂ ਵਿੱਚ ਵੱਡੇ ਪੱਧਰ ਤੇ ਭਰਤੀਆਂ ਕੀਤੀਆਂ ਗਈਆਂ ਹਨ। ਮਾਨ ਸਰਕਾਰ ਨੇ ਵੱਖ–ਵੱਖ ਵਿਭਾਗਾਂ ਦੇ ਵਿੱਚ 1031 ਇੰਜ਼ੀਨੀਅਰ ਭਰਤੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਕਿਸੇ ਸਰਕਾਰ ਵਲੋਂ ਐਨੇ ਘੱਟ ਸਮੇਂ ਵਿੱਚ ਐਨੇ ਜ਼ਿਆਦਾ ਇੰਜ਼ੀਨੀਅਰ ਭਰਤੀ ਕੀਤੇ ਹੋਣ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਨ–ਰਾਤ ਪੰਜਾਬੀਆਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ। ਮਾਨ ਸਰਕਾਰ ਦਾ ਇੱਕੋ–ਇੱਕ ਨਿਸ਼ਾਨਾ ਹੈ, ਕਿ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ। ਸਰਕਾਰ ਵਲੋਂ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ, ਤਾਂ ਜੋ ਪੰਜਾਬੀਆਂ ਜੀਵਨ ਪੱਧਰ ਨੂੰ ਹੋਰ ਉਚਾ ਚੁੱਕਿਆ ਜਾ ਸਕੇ।