ਡਾ. ਐਸ.ਐਸ. ਆਹਲੂਵਾਲੀਆ ਨੇ ਖਰੜ ਵਾਸੀਆਂ ਦੀ ਸੁਣੀਆਂ ਮੁਸ਼ਕਿਲਾਂ, ਛੇਤੀ ਹੱਲ ਕਰਨ ਦਾ ਦਵਾਇਆ ਭਰੋਸਾ
ਖਰੜ, 24 ਅਗਸਤ, 2023: ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਇੱਥੇ ਆਪਣੀ ਟੀਮ ਦੇ ਨਾਲ ਅਨਾਜ ਮੰਡੀ ਨੇੜੇ ਗੁਰੂ ਨਾਨਕ ਕਲੋਨੀ ਦਾ ਦੌਰਾ ਕੀਤਾ। ਉਹ ਖਾਸ਼ ਤੌਰ ਤੇ ਇੱਥੋਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਪਹੁੰਚੇ ਸਨ।
ਇਥੋਂ ਦੇ ਵਾਸੀਆਂ ਨੇ ਡਾ. ਐਸ.ਐਸ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੀ ਕਲੋਨੀ ਦੇ ਵਿੱਚ ਸੀਵਰੇਜ਼ ਦੀ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਲੋਂ ਕਲੋਨੀ ਦੇ ਵਿੱਚ ਪੀਣ ਵਾਲੇ ਪਾਣੀ ਅਤੇ ਗਲੀਆਂ ਦੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਗੁਰੂ ਨਾਨਕ ਕਲੋਨੀ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀ ਭਲਾਈ ਦੇ ਲਈ ਦਿਨ–ਰਾਤ ਕੰਮ ਕਰ ਰਹੀ ਹੈ। ਸਰਕਾਰ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਵਿਕਾਸ ਕਾਰਜਾਂ ਤੇ ਵਿਸ਼ੇਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਥੋਂ ਦੇ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾ ਦੀਆਂ ਸਮੱਸਿਆਵਾਂ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਮਿਲ ਕੇ ਜਲਦੀ ਹੱਲ ਕਰਵਾਉਣਗੇ। ਉਨ੍ਹਾਂ ਨੇ ਇਸ ਮੌਕੇ ਉਤੇ ਵਾਟਰ ਸਪਲਾਈ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਤੇ ਸੰਨੀ ਬਾਵਾ ਤੋਂ ਇਲਾਵਾ ਗੁਰੂ ਨਾਨਕ ਕਲੋਨੀ ਦੇ ਵੱਡੀ ਗਿਣਤੀ ਵਿੱਚ ਵਸਨੀਕ ਹਾਜ਼ਰ ਸਨ। ਇਥੋਂ ਦੇ ਵਾਸੀਆਂ ਵਲੋਂ ਡਾ. ਐਸ.ਐਸ. ਆਹਲੂਵਾਲੀਆ ਨੂੰ ਸਿਰੌਪਾ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਕਲੋਨੀ ਵਾਸੀਆਂ ਨੇ ਉਨ੍ਹਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਵੀ ਕੀਤਾ।