ਡਾ. ਐਸੱ. ਐਸੱ. ਆਹਲੂਵਾਲੀਆ ਨੇ ਬਾਕਰਪੁਰ ਸਕੂਲ ਵਿੱਚ ਅਧਿਆਪਕਾਂ ਦੇ ਨਾਲ ਮਨਾਇਆ ਅਧਿਆਪਕ ਦਿਵਸ
ਮੋਹਾਲੀ, 5 ਸਤੰਬਰ, 2023: ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਾਕਰਪੁਰ ਵਿੱਚ ਅਧਿਆਪਕ ਦਿਵਸ ਮਨਾਉਣ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸੱ.ਐਸੱ. ਆਹਲੂਵਾਲੀਆ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਉਤੇ ਸਕੂਲ ਦੇ ਪ੍ਰਿੰਸੀਪਲ ਦਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਨ੍ਹਾਂ ਦੇ ਸਕੂਲ ਦੀਆਂ ਕਲਾਸਾਂ ਦਾ ਸਾਰਾ ਪ੍ਰਬੰਧ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਭਾਲਿਆ ਗਿਆ। ਉਨਾਂ ਕਿਹਾ ਕਿ ਬੱਚਿਆਂ ਵਲੋਂ ਬੜੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਾਰੀਆਂ ਕਲਾਸਾਂ ਨੂੰ ਚਲਾਇਆ ਗਿਆ। ਅੱਜ ਸਕੂਲ ਦੇ 26 ਅਧਿਆਪਕਾਂ ਦਾ ਰੋਲ ਬੱਚਿਆਂ ਵਲੋਂ ਅਦਾ ਕੀਤਾ ਗਿਆ। ਇਸ ਮੌਕੇ 12ਵੀਂ ਕਲਾਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਸਕੂਲ ਦੇ ਪ੍ਰਿੰਸੀਪਲ ਦਾ ਰੋਲ ਅਦਾ ਕੀਤਾ।
ਅਧਿਆਪਕ ਦਿਵਸ ਦੇ ਮੌਕੇ ਉਤੇ ਡਾ. ਆਹਲੂਵਾਲੀਆ ਨੇ ਬਾਕਰਪੁਰ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਤੋਹਫੇ ਭੇਂਟ ਕੀਤੇ। ਉਨ੍ਹਾਂ ਨੇ ਇਸ ਮੌਕੇ ਡਾ. ਰਾਧਾ ਕ੍ਰਿਸ਼ਨਨ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਸਿਖਿਆ ਦੇ ਖੇਤਰ ਵਿੱਚ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਬਹੁਤ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਸਿਖਿਆ ਦਾ ਪੱਧਰ ਉਚਾ ਚੁੱਕਣ ਦੇ ਲਈ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਵਾਈ ਜਾ ਰਹੀ ਹੈ, ਤਾਂ ਜੋ ਬੱਚਿਆ ਨੂੰ ਹੋਰ ਵਧੀਆ ਸਿਖਿਆ ਦਿੱਤੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਅਧਿਆਪਕਾਂ ਨੂੰ ਬਹੁਤ ਮਾਣ ਤੇ ਸਤਿਕਾਰ ਦਿੱਤਾ ਹੈ। ਪਿਛਲੇ ਕਈਂ ਸਾਲਾਂ ਤੋਂ ਪੰਜਾਬ ਵਿੱਚ ਕੱਚੇ ਅਹੁਦਿਆਂ ਤੇ ਨੌਕਰੀ ਕਰਦੇ ਆ ਰਹੇ 12710 ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਮੁਤਾਬਿਕ ਪੱਕਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵਲੋਂ ਪੰਜਾਬ ਦੇ ਹਰ ਜਿਲ੍ਹੇ ਵਿੱਚ ਸਕੂਲ ਆਫ਼ ਐਮੀਨੈਂਸ ਖੋਲੇ ਜਾ ਰਹੇ ਹਨ, ਜਿਨ੍ਹਾਂ ਦੇ ਵਿੱਚ ਡਿਜ਼ੀਟਲ ਕਲਾਸਰੂਮ, ਸਾਰੀਆਂ ਸੁਵਿਧਾਵਾਂ ਨਾਲ ਲੈਸ ਲੈਬੋਰਟ੍ਰੀਜ਼, ਵੋਕੇਸ਼ਨਲ ਟ੍ਰੇਨਿੰਗ ਸੁਵਿਧਾਵਾਂ ਅਤੇ ਟ੍ਰੇਂਡ ਸਟਾਫ ਦੀ ਸੁਵਿਧਾ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਬੱਚਿਆਂ ਨੂੰ ਰੁਜਗਾਰ ਦੇਣ ਵਾਲੇ ਬਨਾਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਆਪਕ ਦਿਵਸ ਦੇ ਮੌਕੇ ਐਲਾਨ ਕੀਤਾ ਗਿਆ ਸੀ, ਕਿ ਪੰਜਾਬ ਹੁਣ ਸਿਖਿਆ ਕ੍ਰਾਂਤੀ ਦੇ ਲਈ ਜਾਣਿਆ ਜਾਵੇਗਾ। ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਸਿਖਿਆ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਕਰਕੇ ਹੁਣ ਪੰਜਾਬ ਦੇ ਸਿਖਿਆ ਮਾਡਲ ਦੀ ਗੱਲ ਦਿੱਲੀ ਵਾਂਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਕੂਲਾਂ ਵਿੱਚ ਹੋਰ ਅਧਿਆਪਕਾਂ ਦੀਆਂ ਭਰਤੀਆਂ ਆਉਣ ਵਾਲੇ ਕੁੱਝ ਮਹੀਨਿਆਂ ਦੇ ਵਿੱਚ ਮੈਰਿਟ ਦੇ ਅਧਾਰ ਤੇ ਕੀਤੀਆਂ ਜਾਣਗੀਆਂ।