ਆਮ ਆਦਮੀ ਪਾਰਟੀ ਨੇ ‘ਵੰਲਟੀਅਰ ਮੀਟਿੰਗ ਮੁਹਿੰਮ’ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 6 ਸਤੰਬਰ, 2023: ਅੱਜ ਇੱਥੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ‘ਵੰਲਟੀਅਰ ਮੀਟਿੰਗ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਕੱਤਰ ਡਾ. ਸੰਦੀਪ ਪਾਠਕ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਪਹੁੰਚੇ। ਇਸ ਮੌਕੇ ਉਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਭਾਰੀ ਜਰਨੈਲ ਸਿੰਘ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਜਨਰਲ ਸਕੱਤਰ, ਹਰਚੰਦ ਬਰਸਟ, ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਸੂਬਾ ਸਕੱਤਰ ਡਾ. ਐਸ.ਐਸ. ਆਹਲੂਵਾਲੀਆ, ਸ਼ਮਿੰਦਰ ਸਿੰਘ ਖਿੰਡਾ, ਗੁਰਦੇਵ ਲਾਖਣਾ, ਰਾਜਵਿੰਦਰ ਕੌਰ ਅਤੇ ਅਮਨਦੀਪ ਸਿੰਘ ਮੋਹੀ ਅਤੇ ਪੰਜਾਬ ਸਰਕਾਰ ਦੇ ਸਮੂਹ ਕੈਬੀਨਟ ਮੰਤਰੀ ਅਤੇ ਵਿਧਾਇਕ ਮੌਜੂਦ ਰਹੇ। ਇਸ ਮੀਟਿੰਗ ਦੀ ਸ਼ੁਰੂਆਤ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਵਲੋਂ ਕੀਤੀ ਗਈ।
‘ਵੰਲਟੀਅਰ ਮੀਟਿੰਗ ਮੁਹਿੰਮ’ ਦੀ ਸ਼ੁਰੂਆਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਕੱਤਰ ਡਾ. ਸੰਦੀਪ ਪਾਠਕ ਨੇ ਕਿਹਾ ਕਿ ਇਸ ਮੁਹਿੰਮ ਰਾਂਹੀ ਪਾਰਟੀ ਹਰੇਕ ਵਲੰਟੀਅਰ ਤੱਕ ਪਹੁੰਚ ਕਰੇਗੀ। ਇਸ ਦੇ ਤਹਿਤ ਹਰੇਕ ਪਿੰਡ ਅਤੇ ਵਾਰਡ ਦੇ ਵਿੱਚ ਜਾ ਕੇ ਵਲੰਟੀਅਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸਦੇ ਵਿੱਚ ਵਲੰਟੀਅਰਾਂ ਦੇ ਕੋਲੋਂ ਪੰਜਾਬ ਵਿੱਚ ਅਗਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਸੁਝਾਅ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕੋ–ਇੱਕ ਪਾਰਟੀ ਹੈ ਜੋ ਕਿਸੇ ਵੀ ਚੋਣਾਂ ਦੇ ਲਈ ਆਪਣੀ ਮਰਜ਼ੀ ਦੇ ਨਾਲ ਉਮੀਦਵਾਰਾਂ ਦਾ ਐਲਾਨ ਨਹੀਂ ਕਰਦੀ ਹੈ। ਪਾਰਟੀ ਵਲੋਂ ਹਰੇਕ ਵਲੰਟੀਅਰ ਕੋਲੋਂ ਸੁਝਾਅ ਲਏ ਜਾਂਦੇ ਹਨ, ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਸਾਰੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਤਿਆਰ ਹੈ, ਚਾਹੇ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ, ਨਗਰ ਨਿਗਮ ਜਾਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਜੋ ਪ੍ਰਦਰਸ਼ਨ ਕੀਤਾ ਹੈ, ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਾਰਟੀ ਉਸ ਤੋਂ ਵੀ ਵਧੀਆ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪਿਛਲੇ ਡੇਢ ਸਾਲ ਦੇ ਵਿੱਚ ਉਹ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ਦੇ ਰਾਜ ਦੇ ਵਿੱਚ ਨਹੀਂ ਕਰ ਪਾਈਆਂ ਹਨ।
ਡਾ. ਸੰਦੀਪ ਪਾਠਕ ਨੇ ਇਸ ਮੌਕੇ ਕਿਹਾ ਕਿ ਪਾਰਟੀ ਵਲੋਂ ਆਉਣ ਵਾਲੇ ਦਿਨਾਂ ਵਿੱਚ ਸੰਗਠਨ ਨੂੰ ਹੋਰ ਜਿਆਦਾ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਿਸਤਾਰ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਪਾਰਟੀ ਵਲੋਂ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮੈਰਿਟ ਦੇ ਅਧਾਰ ਤੇ ਅਹੁਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਛੋਟੇ ਤੋਂ ਛੋਟੇ ਵਲੰਟੀਅਰ ਨੂੰ ਪੂਰਾ ਮਾਣ ਸਤਿਕਾਰ ਦਿੰਦੀ ਹੈ।
ਇਸ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਡਾ. ਸੰਦੀਪ ਪਾਠਕ ਦਾ ਇੱਥੇ ਚੰਡੀਗੜ੍ਹ ਪੁੱਜਣ ਤੇ ਸੁਆਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਤਕੜੇ ਹੋ ਕੇ ਲੜੀਆਂ ਜਾਣਗੀਆਂ।
ਇਸ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਕੱਤਰ ਸੰਦੀਪ ਪਾਠਕ, ਪੰਜਾਬ ਪ੍ਰਭਾਰੀ ਜਰਨੈਲ ਸਿੰਘ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਜਨਰਲ ਸਕੱਤਰ, ਹਰਚੰਦ ਬਰਸਟ, ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਸੂਬਾ ਸਕੱਤਰ ਡਾ. ਐਸ.ਐਸ. ਆਹਲੂਵਾਲੀਆ, ਸ਼ਮਿੰਦਰ ਸਿੰਘ ਖਿੰਡਾ, ਗੁਰਦੇਵ ਲਾਖਣਾ, ਰਾਜਵਿੰਦਰ ਕੌਰ, ਅਮਨਦੀਪ ਸਿੰਘ ਮੋਹੀ, ਪੰਜਾਬ ਸਰਕਾਰ ਦੇ ਸਾਰੇ ਕੈਬੀਨਟ ਮੰਤਰੀ ਅਤੇ ਵਿਧਾਇਕ, ਸਾਰੇ ਲੋਕ ਸਭਾ ਇੰਚਾਰਜ, ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਸਕੱਤਰ ਮੌਜੂਦ ਰਹੇ।