ਡਾ. ਐਸ.ਐਸ. ਆਹਲੂਵਾਲੀਆ ਨੇ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਲਗਵਾਈ ਹਾਜ਼ਰੀ
ਬੰਗਾ, 14 ਸਤੰਬਰ, 2023: ਅੱਜ ਇੱਥੇ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਪਿੰਡ ਮਜਾਰਾ ਨੋ ਅਬਾਦ, ਬੰਗਾ ਵਿਖੇ ਰਾਜਾ ਸਾਹਿਬ ਦੀ 83ਵੀਂ ਸਲਾਨਾ ਬਰਸੀ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਹਾਜ਼ਰੀ ਭਰੀ। ਇਸ ਮੌਕੇ ਉਤੇ ਉਨ੍ਹਾਂ ਦੇ ਨਾਲ ਬੰਗਾ ਤੋਂ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਮਾਰਕਿਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ ਅਤੇ ਵਪਾਰ ਮੰਡਲ ਬੰਗਾ ਦੇ ਚੇਅਰਮੈਨ ਸਾਗਰ ਅਰੋੜਾ ਵੀ ਮੌਜੂਦ ਰਹੇ।
ਇਸ ਮੌਕੇ ਉਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਜਾ ਸਾਹਿਬ ਦੀ 83ਵੀਂ ਬਰਸੀ ਦੇ ਸਬੰਧ ਪਿਛਲੇ 70 ਤੋਂ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਸਾਹਿਬ ਦੀ ਲੜੀ ਚੱਲ ਰਹੀ ਸੀ। ਭਾਦੋਂ ਦੇ ਮਹੀਨੇ ਦੀ ਮੱਸਿਆ ਨੂੰ ਹਰ ਸਾਲ ਰਾਜਾ ਸਾਹਿਬ ਦੀ ਬਰਸੀ ਮਨਾਈ ਜਾਂਦੀ ਹੈ। ਮੰਗਲਵਾਰ ਤੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ। ਇਸ ਮੌਕੇ ਉਤੇ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਲਗਵਾਈ।
ਉਨ੍ਹਾਂ ਅੱਗੇ ਦੱਸਿਆ ਕਿ 12 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ। ਉਨ੍ਹਾਂ ਅੱਗੇ ਦੱਸਿਆ ਕਿ ਰਾਜਾ ਸਾਹਿਬ ਦੇ ਨਾਮ ਤੇ ਪਿੰਡ ਵਿੱਚ ਸ੍ਰੀ ਨਾਭ ਕੰਵਲ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ। ਜਿਸਦੇ ਵਿੱਚ 70 ਬੈਡੱ ਦਾ ਪ੍ਰਬੰਧ ਹੈ ਅਤੇ 24 ਘੰਟੇ ਐਮਰਜੈਂਸੀ ਦੀ ਸਹੂਲਤ ਵੀ ਉਪਲੱਬਧ ਹੈ।
ਇਸ ਮੌਕੇ ਉਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ ਦਿਨੀ ਬੰਗਾ ਹਲਕੇ ਦੇ ਵਿੱਚ ਡਾ. ਐਸ.ਐਸ. ਆਹਲੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਸਹਿਯੋਗ ਨਾਲ ਰਾਇਪੁਰ ਡੱਬਾ ਤੋਂ ਬੰਗਾ ਸੜਕ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਭਰੋ ਮਿਆਰਾ ਤੋਂ ਪਿੰਡ ਮਜਾਰਾ ਨੋ ਅਬਾਦ ਤੱਕ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਅਤੇ ਆਮ ਲੋਕਾਂ ਨੂੰ ਬਹੁਤ ਅਸਾਨੀ ਹੋਵੇਗੀ।
ਇਸ ਮੌਕੇ ਉਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਡਾ. ਐਸ.ਐਸ. ਆਹਲੂਵਾਲੀਆ ਅਤੇ ਕੁਲਜੀਤ ਸਿੰਘ ਸਰਹਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਆਹਲੂਵਾਲੀਆ ਨੇ ਇਸ ਮੌਕੇ ਉਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਬੰਗਾਂ ਹਲਕੇ ਵਿੱਚ ਵੱਡੇ ਵਿਕਾਸ ਦੇ ਕਾਰਜ ਕਰਵਾਉਣ ਦਾ ਪਲਾਨ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਛੇਤੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ।