ਡਾ. ਐਸ.ਐਸ. ਆਹਲੂਵਾਲੀਆ ਨੇ ਲੋਕਾਂ ਦੇ ਨਾਲ ਕੀਤੀ ਵਿਕਾਸ ਕਾਰਜਾਂ ਬਾਰੇ ਚਰਚਾ
ਖਰੜ, 17 ਸਤੰਬਰ, 2023: ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਸੁਹਾਲੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਵਿਕਾਸ ਕਾਰਜਾਂ ਦੇ ਬਾਰੇ ਵਿਚਾਰ–ਚਰਚਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਇਸ ਮੌਕੇ ਉਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ, ਆਪ ਆਗੂ ਹਰਮੀਤ ਸਿੰਘ, ਆਮ ਆਦਮੀ ਪਾਰਟੀ ਮੋਹਾਲੀ ਦੇ ਟ੍ਰੇਡ ਵਿੰਗ ਦੇ ਉਪ ਪ੍ਰਧਾਨ ਅਮਿਤ ਜੈਨ, ਅਤੁਲ ਸ਼ਰਮਾਂ, ਪੰਚਾਇਤ ਮੈਂਬਰ ਸਾਬੀ, ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸਿੰਘ, ਸੋਨੂ ਰਾਣਾ ਤਿਊੜ, ਸ਼ਾਹਪੁਰ ਤੋਂ ਪੰਚਾਇਤ ਮੈਂਬਰ ਰਾਜਾ, ਜਗਤਾਰ ਸਿੰਘ ਟੱਪਰੀਆਂ, ਕੁਲਦੀਪ ਸਿੰਘ ਸੇਖਨਮਾਜਰਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਹਾਜ਼ਰ ਸਨ।
ਇਸ ਮੌਕੇ ਉਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਵਲੋਂ ਡਾ. ਐਸ.ਐਸ. ਆਹਲੂਵਾਲੀਆ ਨੂੰ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਬਾਰੇ ਵਿੱਚ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਲੋਂ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਕਿ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਡਾ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੇ ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਲਈ ਖੇਡ ਕਿੱਟਾਂ ਦੀ ਜਰੂਰਤ ਹੈ, ਜਿਸ ਦੇ ਨਾਲ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਬੁਢਾਪਾ ਪੈਨਸ਼ਨ ਅਤੇ ਰਾਸ਼ਨ ਕਾਰਡ ਸਬੰਧੀ ਵੀ ਡਾ. ਆਹਲੂਵਾਲੀਆ ਦੇ ਨਾਲ ਚਰਚਾ ਕੀਤੀ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਨਸ਼ੇ ਦੇ ਖਾਤਮੇ ਲਈ ਵੱਡੇ ਉਪਰਾਲੇ ਕਰ ਰਹੀ ਹੈ। ਪਿਛਲੇ ਸਮੇਂ ਵਿੱਚ ਪੰਜਾਬ ਪੁਲਿਸ ਦੇ ਵਲੋਂ ਨਸ਼ੇ ਦੀਆਂ ਵੱਡੀਆਂ ਬਰਾਮਦਗੀਆਂ ਕੀਤੀਆ ਗਈਆਂ ਹਨ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲਾਂ ਦੇ ਵਿੱਚ ਭੇਜਿਆ ਗਿਆ ਹੈ। ਮਾਨ ਸਰਕਾਰ ਦੇ ਵਲੋਂ ਨੌਜਵਾਨਾਂ ਦਾ ਧਿਆਨ ਨਸ਼ੇ ਤੋਂ ਮੋੜ ਕੇ ਨੌਕਰੀਆਂ ਵੱਲ ਖਿੱਚਣ ਦੇ ਲਈ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਵਿੱਚ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਅੱਗੇ ਕਿਹਾ ਪਿੰਡ ਵਾਸੀਆਂ ਵਲੋਂ ਜੋ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਨ੍ਹਾਂ ਨੂੰ ਉਹ ਛੇਤੀ ਹੀ ਕੈਬੀਨਟ ਮੰਤਰੀ ਅਨਮੋਲ ਗਗਨ ਮਾਨ ਨਾਲ ਮਿਲ ਕੇ ਹੱਲ ਕਰਵਾਉਣਗੇ। ਪਿੰਡ ਸੁਹਾਲੀ ਦੇ ਵਿਕਾਸ ਕਾਰਜਾਂ ਵਿੱਚ ਪੈਸੇ ਕਰਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਉਤੇ ਪਿੰਡ ਦੀ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ।