ਡਾ. ਐਸ.ਐਸ. ਆਹਲੂਵਾਲੀਆ ਨੇ ਅਮਿਤ ਜੈਨ ਦੇ ਨਾਲ ਐਰੋਸਿਟੀ ਦੇ ਵੱਖ–ਵੱਖ ਬਲਾਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮੋਹਾਲੀ, 19 ਅਕਤੂਬਰ, 2023: ਅੱਜ ਇੱਥੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ ਪ੍ਰਭਾਰੀ ਡਾ. ਐਸ.ਐਸ. ਆਹਲੂਵਾਲੀਆ ਨੇ ਐਰੋਸਿਟੀ ਦੇ ਵੱਖ–ਵੱਖ ਬਲਾਕਾਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੇ ਨਾਲ ਆਮ ਆਦਮੀ ਪਾਰਟੀ ਮੋਹਾਲੀ ਟ੍ਰੇਡ ਵਿੰਗ ਦੇ ਉਪ ਪ੍ਰਧਾਨ ਅਮਿਤ ਜੈਨ ਦੇ ਨਾਲ ਮਿਲ ਕੇ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਅਤੇ ਉਨ੍ਹਾਂ ਕੋਲੋਂ ਐਰੋਸਿਟੀ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ ਵੀ ਮੌਜੂਦ ਰਹੇ।
ਇਸ ਮੌਕੇ ਉਤੇ ਐਰੋਸਿਟੀ ਦੇ ਵੱਖ–ਵੱਖ ਬਲਾਕਾਂ ਦੇ ਪ੍ਰਧਾਨਾਂ ਵਲੋਂ ਡਾ. ਐਸ.ਐਸ. ਆਹਲੂਵਾਲੀਆ ਨੂੰ ਐਰੋਸਿਟੀ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਐਰੋਸਿਟੀ ਦੇ ਵਿੱਚ ਜੋ ਗਮਾਡਾ ਦੇ ਵਲੋਂ ਅੰਡਰ ਗਰਾਊਂਡ ਬਿਜਲੀ ਦੀਆਂ ਤਾਰਾਂ ਪਾਈਆਂ ਗਈਆਂ ਹਨ, ਉਸਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਜਦੋਂ ਕੋਈ ਫਾਲਟ ਪੈ ਜਾਂਦਾ ਹੈ, ਤਾਂ ਉਸਨੂੰ ਠੀਕ ਕਰਨ ਦੇ ਲਈ ਕਈਂ–ਕਈਂ ਘੰਟਿਆਂ ਦਾ ਸਮਾਂ ਲਗਦਾ ਹੈ। ਜੇਕਰ ਫਾਲਟ ਠੀਕ ਹੋ ਵੀ ਜਾਂਦਾ ਹੈ, ਤਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਬਿਜਲੀ ਦੀਆਂ ਕੇਬਲਾਂ ਨੂੰ ਸੜਕਾਂ ਉਤੇ ਪਾ ਕੇ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਕੇਬਲਾਂ ਨੂੰ ਜਮੀਨ ਅੰਦਰ ਨਹੀਂ ਦਬਾਇਆ ਜਾਂਦਾ ਹੈ। ਉਨ੍ਹਾਂ ਨੇ ਐਰੋਸਿਟੀ ਵਿੱਚ ਪਾਈਆਂ ਗਈਆਂ ਕਮਜ਼ੋਰ ਕੇਬਲਾਂ ਨੂੰ ਬਦਲਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐਰੋਸਿਟੀ ਨੂੰ ਇਸ ਵੇਲੇ ਬਨੂੜ ਗ੍ਰਿਡ ਤੋਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨੂੰ ਬਦਲ ਕੇ ਮੋਹਾਲੀ ਤੋਂ ਸ਼ੁਰੂ ਕਰਵਾਇਆ ਜਾਵੇ।
ਉਨ੍ਹਾਂ ਨੇ ਡਾ. ਆਹਲੂਵਾਲੀਆ ਨੂੰ ਅੱਗੇ ਜਾਣੂ ਕਰਵਾਇਆ ਕਿ ਐਰੋਸਿਟੀ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਐਰੋਸਿਟੀ ਦੇ ਕੁੱਝ ਬਲਾਕਾਂ ਦੇ ਵਿੱਚ ਪਾਰਕਾਂ ਦੇ ਵਿਕਾਸ ਕਾਰਜ ਹੋਣ ਵਾਲੇ ਹਨ, ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੇ ਐਰੋਸਿਟੀ ਦੇ ਵੱਖ–ਵੱਖ ਪਾਰਕਾਂ ਦੇ ਵਿੱਚ ਓਪਨ ਜਿੰਮ ਲਗਾਉਣ ਦੀ ਜਰੂਰਤ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀ ਭਲਾਈ ਦੇ ਲਈ ਦਿਨ–ਰਾਤ ਕੰਮ ਕਰ ਰਹੀ ਹੈ। ਐਰੋਸਿਟੀ ਵਾਸੀਆਂ ਦੀ ਜੋ ਬਿਜਲੀ ਸਬੰਧੀ ਸਮੱਸਿਆ ਹੈ, ਉਸਦੇ ਲਈ ਉਹ ਐਮਐਲਏ ਕੁਲਵੰਤ ਸਿੰਘ ਨਾਲ ਮਿਲ ਕੇ ਛੇਤੀ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਗਮਾਡਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਐਰੋਸਿਟੀ ਵਾਸੀਆਂ ਦੇ ਵਲੋਂ ਜਿਹੜੀਆਂ ਵੀ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਨ੍ਹਾਂ ਨੂੰ ਉਹ ਛੇਤੀ ਗਮਾਡਾ ਦੇ ਅਫਸਰਾਂ ਨਾਲ ਮਿਲ ਹੱਲ ਕਰਵਾਉਣਗੇ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਪੰਜਾਬ ਵਾਸੀ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ।