ਸਰਦਾਰ ਹਰੀ ਸਿੰਘ ਮੈਮੋਰੀਅਲ ਸਕੂਲ ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਮੋਹਾਲੀ, 6 ਅਪ੍ਰੈਲ, 2024: ਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸਕੂਲ ਦੇ ਸਾਰੇ ਵਿਦਿਆਰਥੀ ਪਾਸ ਹੋਏ ਹਨ ਅਤੇ 75% ਤੋਂ ਵਧ ਅੰਕ ਪ੍ਰਾਪਤ ਕੀਤੇ ਹਨ ।
ਸਰਦਾਰ ਹਰੀ ਸਿੰਘ ਮੈਮੋਰੀਅਲ ਐਜੂਕੇਸ਼ਨਲ ਸੋਸਾਇਟੀ (ਰਜਿਸਟਰਡ) ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਗਰੀਬੀ ਰੇਖਾ ਤੋ ਹੇਠਾਂ ਰਹਿਣ ਵਾਲੇ ਪਰਵਾਰਾਂ ਵਿੱਚੋਂ ਹਨ , ਜੋ ਕੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਨੇਪਾਲ ਤੋ ਪਰਵਾਸ ਕਰਕੇ ਆਏ ਹਨ। ਇਹ ਸ਼ਹੀਦ ਊਧਮ ਸਿੰਘ ਸਲੰਮ ਕਲੋਨੀ ਵਿਚ ਰਹਿੰਦੇ ਹਨ, ਜਿੱਥੇ ਬਿਜਲੀ ਅਤੇ ਪਾਣੀ ਦੀ ਸਹੂਲੀਅਤ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ । ਫਿਰ ਵੀ ਇਹ ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਹਨ । ਇਕ ਦਬਿਆ ਕੁਚਲਿਆ ਪਰਵਾਰ ਜੋ ਸੌਚਾਲਿਆ ਵਿਚ ਕੰਮ ਕਰਦਾ ਹੈ , ਦੀ ਹੋਣਹਾਰ ਬੱਚੀ “ਭਾਵਨਾ” 84% ਅੰਕ ਲੈ ਕੇ ਸਕੂਲ ਵਿਚ ਪਹਿਲੇ ਦਰਜੇ ਤੇ ਆਈ ਹੈ। ਇਹ ਸ਼ਾਨਦਾਰ ਨਤੀਜਾ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਟੀਚਰਜ਼ ਅਤੇ ਸਟਾਫ ਦੀ ਸਖ਼ਤ ਮਿਹਨਤ ਸਦਕਾ ਹੋਇਆ ਹੈ ।
ਉਨ੍ਹਾਂ ਅੱਗੇ ਕਿਹਾ ਕਿ ਇਹ ਬੱਚੇ ਪ੍ਰਵਾਸੀ ਹਨ ਅਤੇ ਇਹਨਾਂ ਦੀ ਮਾਂ ਬੋਲੀ ਮੈਥਲੀ, ਹਿੰਦੀ ਅਤੇ ਨੇਪਾਲੀ ਹੈ , ਇਹਨਾਂ ਵਾਸਤੇ ਪੰਜਾਬੀ ਮੀਡੀਅਮ ਵਿਚ ਪੜਨਾ ਮੁਸ਼ਕਿਲ ਹੈ ਭਾਵੇਂ ਇਹ ਪੰਜਾਬੀ ਪਹਿਲੀ ਭਾਸ਼ਾ ਪੜ ਲੈਂਦੇ ਹਨ, ਇਸ ਕਰਕੇ ਮੈਥੇਮੈਟਿਕਸ, ਸੋਸ਼ਲ ਸਟੱਡੀ ਵੀ ਅੰਗਰੇਜ਼ੀ ਮੀਡੀਅਮ ਵਿਚ ਪੜਾਈ ਜਾਂਦੀ ਹੈ ਤਾਂ ਕਿ ਜੇਕਰ ਉਹ ਪੰਜਾਬ ਜਾਂ ਕਿਸੇ ਹੋਰ ਸੂਬੇ ਵਿੱਚ ਜਾ ਕੇ ਪੜਦੇ ਹਨ ਤਾਂ ਅੰਗਰੇਜ਼ੀ ਮੀਡੀਅਮ ਉਹਨਾਂ ਨੂੰ ਜਿਆਦਾ ਮਦਦਗਾਰ ਸਾਬਿਤ ਹੋਵੇਗਾ, ਖ਼ਾਸ ਕਰਕੇ ਦਸਵੀਂ ਜਮਾਤ ਤੋਂ ਬਾਅਦ। ਸਕੂਲ ਵਿਚ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਚੇਅਰਪਰਸਨ ਜਗਜੀਤ ਕੌਰ ਕਾਹਲੋਂ ਅਤੇ ਪ੍ਰਿੰਸੀਪਲ ਬਲਬੀਰ ਕੌਰ ਨੇ ਟਰਾਫੀ ਦੇ ਕੇ ਸਨਮਾਨਤ ਕੀਤਾ।