ਇਸ ਵਾਰ ਮਰਦਮਸ਼ੁਮਾਰੀ ਹੋਵੇਗੀ ਡਿਜੀਟਲ : ਡਾ. ਜੈਨ
1 min readਮੋਹਾਲੀ, 3 ਮਾਰਚ, 2022: ਭਾਰਤ ਸਰਕਾਰ ਵਲੋਂ ਆਗਾਮੀ ਮਰਦਮਸ਼ੁਮਾਰੀ ਦੇ ਮੱਦੇਨਜ਼ਰ ਪੰਜਾਬ ਲਈ ਨਿਯੁਕਤ ਡਾਇਰੈਕਟਰ ਜਨਗਣਨਾ ਆਪ੍ਰਰੇਸ਼ਨਜ਼ ਡਾ. ਅਭਿਸ਼ੇਕ ਜੈਨ ਨੇ ਇਥੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੋਣ ਵਾਲੀ ਮਰਦਮਸ਼ੁਮਾਰੀ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਸ ਵਾਰ ਜਨਗਣਨਾ ਡਿਜੀਟਲ ਰੂਪ ਵਿਚ ਹੋਵੇਗੀ ਜਿਸ ਲਈ ਗਿਣਤੀਕਾਰ ਨੂੰ ਆਪਣੇ ਮੋਬਾਈਲ ਫੋਨ ‘ਤੇ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਐਪ ਡਾਊਨਲੋਡ ਕਰਨੀ ਪਵੇਗੀ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਪੂਜਾ ਸਿਆਲ ਤੇ ਕਮਿਸ਼ਨਰ ਨਗਰ ਨਿਗਮ ਕਮਲ ਕੁਮਾਰ ਗਰਗ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮਰਦਮਸ਼ੁਮਾਰੀ ਸਬੰਧੀ ਮੀਟਿੰਗ ਕਰਦਿਆਂ ਡਾ. ਅਭਿਸ਼ੇਕ ਜੈਨ ਨੇ ਨਿਰਦੇਸ਼ ਦਿੱਤੇ ਕਿ ਸਮੇਂ ਸਿਰ ਲਾਜ਼ਮੀ ਲਿਸਟਾਂ ਦੀ ਤਿਆਰੀ ਯਕੀਨੀ ਬਣਾਈ ਜਾਵੇ ਅਤੇ ਬਲਾਕ ਪੱਧਰ ‘ਤੇ ਗਿਣਤੀਕਾਰਾਂ ਦੇ ਯੂਨਿਟ ਸਥਾਪਤੀ ਲਈ ਤਿਆਰੀ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵਲੋਂ ਜਨਗਣਨਾ ਲਈ ਅਤਿ ਲੋੜੀਂਦੀਆਂ ਵਾਰਡਾਂ, ਮੁਹੱਲਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਆਦਿ ਦੀ ਢੁੱਕਵੀਂ ਸੂਚੀ ਤਿਆਰ ਕਰ ਕੇ ਭੇਜੀ ਜਾਵੇ ਤਾਂ ਜੋ ਮਰਦਮਸ਼ੁਮਾਰੀ ਲਈ ਅਗਲੇਰੀ ਕਾਰਵਾਈ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਬਣੇ ਨਵੇਂ ਵਾਰਡਾਂ ਅਤੇ ਕਾਲੋਨੀਆਂ ਆਦਿ ਨੂੰ ਵੀ ਲਿਸਟਾਂ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਹਰ ਖੇਤਰ ਨੂੰ ਮੁਰਦਮਸ਼ੁਮਾਰੀ ਦੇ ਘੇਰੇ ਵਿਚ ਲਿਆਂਦਾ ਜਾ ਸਕੇ।
ਜਨਮ ਅਤੇ ਮੌਤ ਦੇ ਸਰਟੀਫਿਕੇਟ ਬਣਾਉਣ ਵੇਲੇ ਲਾਜ਼ਮੀ ਨਿਯਮਾਂ ਦੀ ਪਾਲਣਾ ‘ਤੇ ਜ਼ੋਰ ਦਿੰਦਿਆਂ ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਲੈਣ ਵੇਲੇ ਮੌਤ ਦਾ ਕਾਰਨ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਭਾਵੇਂ ਮੌਤ ਕਿਸੇ ਹਸਪਤਾਲ ਜਾਂ ਫਿਰ ਘਰ ਵਿਚ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਜਾਵੇ ਜਿਹੜੀ ਸਮੇਂ-ਸਮੇਂ ਸਿਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਦੀ ਸਮੀਖਿਆ ਕਰੇ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਮਰਦਮਸ਼ੁਮਾਰੀ ਇਕ ਬਹੁਤ ਮਹੱਤਵਪੂਰਨ ਕਾਰਜ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਯਮਾਂ ਅਨੁਸਾਰ ਨੇਪਰੇ ਚਾੜਿ੍ਆ ਜਾਵੇਗਾ। ਇਸ ਮੌਕੇ ਖੋਜ ਅਫ਼ਸਰ (ਨਕਸ਼ੇ)-ਕਮ-ਇੰਚਾਰਜ ਸੀਆਰਐੱਸ ਵਰਿੰਦਰ ਕੌਰ, ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।